ਸਾਡੇ ਬਾਰੇ

ਬ੍ਰਿਟਿਸ਼ ਕੋਲੰਬੀਆ ਸਿਕਉਰਿਟੀਜ਼ ਕਮਿਸ਼ਨ (BCSC) ਦਾ ਮੁੱਖ ਟੀਚਾ ਹੈ ਇਨਵੈਸਟਰਾਂ ਦੇ ਵਿੱਤੀ ਹਿੱਤਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਨੀ। ਇਨਵੈਸਟਮੈਂਟ ਕਰਨ ਵਾਲਿਆਂ ਨੂੰ ਸੰਭਾਵੀ ਇਨਵੈਸਟਮੈਂਟਾਂ ਬਾਰੇ ਛਾਣਬੀਣ ਕਰਨ ਅਤੇ ਉਹਨਾਂ ਦਾ ਮੁਲਾਂਕਣ ਕਰਨ ਦੇ ਸਾਧਨ ਮੁਹੱਈਆ ਕਰਨ ਅਤੇ ਉਹਨਾਂ ਨੂੰ ਗਲਤ ਜਾਂ ਧੋਖਾਧੜੀ ਵਾਲੀਆਂ ਇਨਵੈਸਟਮੈਂਟਾਂ ਤੋਂ ਬਚਾਉਣ ਲਈ ਅਸੀਂ InvestRight.org ਤਿਆਰ ਕੀਤੀ ਹੈ। ਵੈਬਸਾਈਟ ਦੇ ਇਲਾਵਾ, ਸਾਡਾ ਬਹੁ-ਪੱਖੀ ਆਊਟਰੀਚ ਅਤੇ ਸਿੱਖਿਆ ਪ੍ਰੋਗਰਾਮ ਵੀ ਹੈ, ਜੋ BCSC ਦੇ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਇਨ੍ਹਾਂ ਦੀ ਪਾਲਣਾ ਕਾਰਵਾਉਣ ਦੇ ਮੁੱਖ ਕੰਮ ਨਾਲ ਜੁੜਿਆ ਹੋਇਆ ਹੈ। ਅਸੀਂ ਸਮਝਦਾਰੀ ਵਾਲੇ ਫ਼ੈਸਲੇ ਲੈਣ ਵਿੱਚ ਅਤੇ ਆਪਣੀ ਰੱਖਿਆ ਕਰਨ ਬਾਰੇ ਸਿੱਖਣ ਵਿੱਚ ਇਨਵੈਸਟਰਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਅਤੇ ਨਾਲ ਹੀ ਗਲਤ-ਵਿਹਾਰ ਬਾਰੇ ਸ਼ਿਕਾਇਤ ਕਰਨ ਦੀ ਪ੍ਰਕਰਿਆ ਨੂੰ ਆਸਾਨ ਬਣਾਉਣਾ ਚਾਹੁੰਦੇ ਹਾਂ।

ਇਨਵੈਸਟਰਾਂ ਲਈ ਸਿੱਖਿਆ

ਅਸੀਂ ਇਨਵੈਸਟਰਾਂ ਨੂੰ ਸਿਖਾਉਂਦੇ ਹਾਂ ਕਿ ਆਪਣੇ-ਆਪ ਖੋਜ ਕਿਵੇਂ ਕਰਨੀ ਹੈ, ਸਲਾਹਕਾਰ ਕਿਵੇਂ ਲਭਣਾ ਹੈ, ਅਤੇ ਇਨਵੈਸਟਮੈਂਟ ਬਾਰੇ ਕਿਹੜੇ ਪ੍ਰਸ਼ਨ ਪੁੱਛਣੇ ਹਨ। ਅਸੀਂ Investor Alerts, Investor Watches, ਅਤੇ ਸਾਡੇ Let’s talk about investing ਬਲਾਗ ਦੇ ਨਾਲ ਜ਼ੋਖਮ ਭਰੀਆਂ ਅਤੇ ਕਦੇ-ਕਦੇ ਧੋਖਾਧੜੀ ਵਾਲੀਆਂ ਇਨਵੈਸਟਮੈਂਟਾਂ ਨੂੰ ਹਾਈਲਾਈਟ ਕਰਦੇ ਹਾਂ। ਇਹ ਸਾਰੇ InvestRight ਖਬਰਾਂ ਦੇ ਸੈਕਸ਼ਨ ਵਿੱਚ ਉਪਲਬਧ ਹਨ।

ਇਨਵੈਸਟਰ ਪ੍ਰੋਟੈਕਸ਼ਨ

ਅਸੀਂ ਪੂਰੇ ਬੀ.ਸੀ. ਵਿੱਚ, ਅਤੇ ਖਾਸ ਕਰਕੇ ਬਜ਼ੁਰਗਾਂ, ਜਲਦ ਹੀ ਰਿਟਾਇਰ ਹੋਣ ਵਾਲਿਆਂ, ਅਤੇ ਭਾਈਚਾਰਕ ਗਰੁੱਪਾਂ ਵਿੱਚ ਜਾਣਕਾਰੀ ਵਧਾਉਂਦੇ ਹਾਂ, ਜਿਨ੍ਹਾਂ ਦੇ ਸ਼ਿਕਾਰ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ। ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਧਾਰਮਿਕ ਅਤੇ ਨਸਲੀ ਭਾਈਚਾਰਿਆਂ ਵਿੱਚ ਨੇੜਤਾ ਵਾਲੇ ਫਰਾਡਾਂ ਬਾਰੇ ਵੀ ਫਿਕਰਮੰਦ ਹਾਂ, ਅਤੇ ਬੀ.ਸੀ. ਦੇ ਚੀਨੀ ਅਤੇ ਸਾਊਥ ਏਸ਼ਿਅਨ ਭਾਈਚਾਰਿਆਂ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ।

ਵਿੱਤੀ ਗਿਆਨ

ਸਾਡੇ ਕੋਲ ਨੌਜਵਾਨਾਂ ਨੂੰ ਸਿਖਿਆ ਦੇਣ ਦਾ ਇਕ ਵਿਆਪਕ ਪ੍ਰੋਗਰਾਮ ਹੈ, ਜਿਸ ਦਾ ਨਿਸ਼ਾਨਾ ਸੂਬੇ ਦੇ ਪਲੈਨਿੰਗ 10 ਪ੍ਰੋਗਰਾਮ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੂੰ ਪੈਸਿਆਂ ਨੂੰ ਸਾਂਭਣ ਦੀਆਂ ਬੁਨਿਆਦੀ ਗੱਲਾਂ ਸਿਖਾਉਣ ਵਿਚ ਬੀ.ਸੀ. ਹਾਈ ਸਕੂਲਾਂ ਦੇ ਟੀਚਰਾਂ ਦੀ ਮਦਦ ਕਰਨਾ ਹੈ। ਅਸੀਂ ਇਸ ਸ੍ਰੋਤ, The City, ਦਾ ਕੈਨੇਡਾ ਦੀ ਫਾਇਨੈਂਸ਼ਿਅਲ ਕਨਜਿਊਮਰ ਏਜੰਸੀ ਨੂੰ ਲਾਇਸੈਂਸ ਦਿੱਤਾ ਹੈ, ਤਾਂ ਜੋ ਉਹ ਸਾਰੇ ਕੈਨੇਡਾ ਵਾਸੀਆਂ ਲਈ ਇੰਗਲਿਸ਼ ਅਤੇ ਫ੍ਰੇਂਚ ਵਿੱਚ ਰਾਸ਼ਟਰੀ, ਇੰਟਰਐਕਟਿਵ ਵੈਬ-ਅਧਾਰਤ ਸਿੱਖਿਆ ਦਾ ਸਾਧਨ ਤਿਆਰ ਕਰ ਸਕਣ।

ਫੰਡਿੰਗ

ਅਸੀਂ ਇਹਨਾਂ ਸਾਰੇ ਪ੍ਰੋਗਰਾਮਾਂ ਲਈ ਪੈਸੇ ਇੱਕ ਐਜੂਕੇਸ਼ਨ ਫੰਡ ਦੇ ਰਾਹੀਂ ਦਿੰਦੇ ਹਾਂ ਜਿਸ ਵਾਸਤੇ ਪੈਸਾ ਬੀ.ਸੀ. ਸਿਕਉਰਿਟੀਜ਼ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਕੰਪਨੀਆਂ ਤੇ ਲਗਾਏ ਗਏ ਜੁਰਮਾਨਿਆਂ ਤੋਂ ਆਉਂਦਾ ਹੈ।